12 ਸਤੰਬਰ 2024 : ਹਾਕੀ ਤੋਂ ਸੰਨਿਆਸ ਲੈ ਚੁੱਕੇ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਨੂੰ ਮਿਲਿਆ ਪੱਤਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਪੱਤਰ ਵਿੱਚ ਪ੍ਰਧਾਨ ਮੰਤਰੀ ਨੇ ਸ੍ਰੀਜੇਸ਼ ਦੀ ਭਾਰਤੀ ਹਾਕੀ ਪ੍ਰਤੀ ਯੋਗਦਾਨ ਲਈ ਸ਼ਲਾਘਾ ਕੀਤੀ ਤੇ ਭਰੋਸਾ ਜਤਾਇਆ ਹੈ ਕਿ ਉਹ ਨਵੇਂ ਜੂਨੀਅਰ ਕੋਚ ਵਜੋਂ ਵੀ ਪ੍ਰਭਾਵਸ਼ਾਲੀ ਸਾਬਤ ਹੋਣਗੇ। ਸ੍ਰੀਜੇਸ਼ ਨੇ ਆਪਣੇ ਡੇਢ ਦਹਾਕੇ ਦੇ ਕਰੀਅਰ ਦੌਰਾਨ ਟੋਕੀਓ ਓਲੰਪਿਕ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਹੁਣ ਪੈਰਿਸ ਓਲੰਪਿਕ ’ਚ ਕਾਂਸੀ ਦੇ ਤਗ਼ਮੇ ਜਿੱਤਣ ਮਗਰੋਂ ਹਾਕੀ ਨੂੰ ਅਲਵਿਦਾ ਆਖੀ ਸੀ। ਹਾਕੀ ਇੰਡੀਆ ਨੇ ਸ੍ਰੀਜੇਸ਼ ਨੂੰ ਜੂਨੀਅਰ ਟੀਮ ਦਾ ਨਵਾਂ ਮੁੱਖ ਕੋਚ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀਜੇਸ਼ ਨੂੰ ਪੱਤਰ ਵਿੱਚ ਲਿਖਿਆ, ‘ਮੈਨੂੰ ਯਕੀਨ ਹੈ ਕਿ ਕੋਚ ਵਜੋਂ ਨਵੀਂ ਭੂਮਿਕਾ ’ਚ ਵੀ ਤੁਹਾਡਾ ਕੰਮ ਪ੍ਰਭਾਵਸ਼ਾਲੀ ਤੇ ਪ੍ਰੇਰਨਾਦਾਇਕ ਹੋਵੇਗਾ।’’ ਮੋਦੀ ਵੱਲੋਂ ਸ੍ਰੀਜੇਸ਼ ਨੂੰ ਇਹ ਪੱਤਰ 16 ਅਗਸਤ ਨੂੰ ਲਿਖਿਆ ਗਿਆ ਸੀ। ਸਾਬਕਾ ਗੋਲਕੀਪਰ ਨੇ ਪੱਤਰ ‘ਐਕਸ’ ਉੱਤੇ ਸਾਂਝਾ ਕਰਦਿਆਂ ਲਿਖਿਆ, ‘ਮੇਰੇ ਵੱਲੋਂ ਸੰਨਿਆਸ ਲੈਣ ’ਤੇ ਪ੍ਰਧਾਨ ਮੰਤਰੀ ਦਾ ਪੱਤਰ ਮਿਲਿਆ। ਹਾਕੀ ਮੇਰੀ ਜ਼ਿੰਦਗੀ ਹੈ ਤੇ ਮੈਂ ਖੇਡ ਦੀ ਸੇਵਾ ਕਰਦਾ ਰਹਾਂਗਾ। ਭਾਰਤ ਨੂੰ ਹਾਕੀ ਦੀ ਮਹਾਸ਼ਕਤੀ ਬਣਾਉਣ ਲਈ ਕੰਮ ਕਰਦਾ ਰਹਾਂਗਾ।’