16 ਸਤੰਬਰ 2024 : ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੀਪਿਕਾ ਨੇ ਅੱਠ ਸਤੰਬਰ ਨੂੰ ਬੱਚੀ ਨੂੰ ਜਨਮ ਦਿੱਤਾ ਸੀ ਤੇ ਅੱਜ ਨੌਂ ਦਿਨਾਂ ਬਾਅਦ ਉਹ ਆਪਣੀ ਬੱਚੀ ਨਾਲ ਘਰ ਪਰਤੀ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਦੀ ਕਾਰ ਅੱਜ ਦੁਪਹਿਰ ਵੇਲੇ ਹਸਪਤਾਲ ਵਿੱਚੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਇਸ ਸਬੰਧੀ ਇੱਕ ਹੋਰ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੀ ਕਾਰ ਮੁੰਬਈ ਵਿੱਚ ਭਰਵੇਂ ਮੀਂਹ ਦੌਰਾਨ ਬਾਂਦਰਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਦਾਖਲ ਹੁੰਦੀ ਹੈ। ਇਸ ਤੋਂ ਪਹਿਲਾਂ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਵੀ ਅਪਡੇਟ ਕੀਤਾ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਘਰ ਵਿੱਚ ਬੱਚੇ ਦੇ ਜਨਮ ਨਾਲ ਸਭ ਕੁਝ ਬਦਲ ਜਾਂਦਾ ਹੈ ਤੇ ਮਾਂ ਦਾ ਧਿਆਨ ਹੋਰ ਚੀਜ਼ਾਂ ਦੀ ਥਾਂ ਆਪਣੇ ਬੱਚੇ ਦੇ ਪਾਲਣ ਪੋੋਸ਼ਣ ਵੱਲ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਵੀਰ ਨੇ ਸਾਲ 2018 ਵਿੱਚ ਇਟਲੀ ਦੀ ਲੇਕ ਕੋਮੋ ਵਿੱਚ ਵਿਆਹ ਕਰਵਾਇਆ ਸੀ। ਦੀਪਿਕਾ ਨੇ ਇਸ ਸਾਲ ਫਰਵਰੀ ’ਚ ਆਪਣੇ ਗਰਭਵਤੀ ਹੋਣ ਦਾ ਖੁਲਾਸਾ ਕੀਤਾ ਸੀ। ਕੰਮ ਦੇ ਮੋਰਚੇ ’ਤੇ ਦੀਪਿਕਾ ਅਤੇ ਰਣਵੀਰ ਅਗਲੀ ਵਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਤਿਆਰ ਹੋ ਰਹੀ ਫਿਲਮ ‘ਸਿੰਘਮ ਅਗੇਨ’ ਵਿੱਚ ਦਿਖਾਈ ਦੇਣਗੇ। ਇਹ ਫਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।