12 ਸਤੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮੀਕੰਡਕਟਰ ਦੇ ਘਰੇਲੂ ਨਿਰਮਾਣ ’ਚ ਨਿਵੇਸ਼ ਨੂੰ ਹੁਲਾਰਾ ਦੇਣ ਦਾ ਸੱਦਾ ਦਿੰਦਿਆਂ ਅੱਜ ਕਿਹਾ ਕਿ ਸਪਲਾਈ ਲੜੀਆਂ ਦੀ ਮਜ਼ਬੂਤੀ ਅਰਥਚਾਰੇ ਲਈ ਅਹਿਮ ਹੈ। ਸਰਕਾਰ ਚਾਹੁੰਦੀ ਹੈ ਕਿ ਦੁਨੀਆ ਦੇ ਹਰ ਉਪਕਰਨ ਵਿੱਚ ਭਾਰਤੀ ਚਿੱਪ ਹੋਵੇ। ਸੈਮੀਕੰਡਕਟਰ ਸਮਾਰਟ ਫੋਨ ਤੋਂ ਲੈ ਕੇ ਈ-ਵਾਹਨ ਤੇ ਏਆਈ ਤੱਕ ਅਤਿ-ਆਧੁਨਿਕ ਤਕਨੀਕਾਂ ’ਤੇ ਆਧਾਰਤ ਹਰ ਉਤਪਾਦ ਦਾ ਆਧਾਰ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕੌਮੀ ‘ਸੈਮੀਕੌਨ-2024’ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਆਲਮੀ ਮਹਾਮਾਰੀ ਕਾਰਨ ਸਪਲਾਈ ਲੜੀ ਦੀ ਅਹਿਮੀਅਤ ਦਾ ਸਭ ਨੂੰ ਅਹਿਸਾਸ ਹੋਇਆ ਹੈ। ਉਨ੍ਹਾਂ ਭਵਿੱਖ ’ਚ ਅਜਿਹੇ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਕੋਵਿਡ-19 ਮਹਾਮਾਰੀ ਸਮੇਂ ਦੁਨੀਆ ਨੂੰ ਸਪਲਾਈ ਸਬੰਧੀ ਵੱਡੇ ਝਟਕੇ ਝੱਲਣੇ ਪਏ ਸਨ। ਉਨ੍ਹਾਂ ਕਿਹਾ, ‘ਸਪਲਾਈ ਲੜੀ ਦਾ ਜੁਝਾਰੂਪਣ ਜਾਂ ਮਜ਼ਬੂਤੀ ਬਹੁਤ ਅਹਿਮ ਹੈ। ਭਾਰਤ ਅਰਥਚਾਰੇ ਦੇ ਵੱਖ ਵੱਖ ਖੇਤਰਾਂ ’ਚ ਸਪਲਾਈ ਲੜੀ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ’ਚ ਆਪਣੀ ਸੁਧਾਰਪੱਖੀ ਸਰਕਾਰ, ਸਥਿਰ ਨੀਤੀਆਂ ਅਤੇ ਉਸ ਬਾਜ਼ਾਰ ਦਾ ਜ਼ਿਕਰ ਕੀਤਾ, ਜਿਸ ਨੇ ਸੈਮੀ ਕੰਡਕਟਰ ਦੇ ਨਿਰਮਾਣ ’ਚ ਨਿਵੇਸ਼ ਲਈ ਮਜ਼ਬੂਤ ਆਧਾਰ ਤਿਆਰ ਕਰਨ ਲਈ ਤਕਨੀਕ ਦਾ ਸਹਾਰਾ ਲਿਆ। ਉਨ੍ਹਾਂ ਸੈਮੀਕੰਡਕਟਰ ਸਨਅਤ ਦੀਆਂ ਧਿਰਾਂ ਨੂੰ ਕਿਹਾ, ‘ਇਹ ਭਾਰਤ ’ਚ ਮੌਜੂਦ ਹੋਣ ਦਾ ਸਹੀ ਸਮਾਂ ਹੈ। ਤੁਸੀਂ ਸਹੀ ਸਮੇਂ ’ਤੇ ਸਹੀ ਥਾਂ ਮੌਜੂਦਾ ਹੋ। ਅੱਜ ਦਾ ਭਾਰਤ ਦੁਨੀਆ ਨੂੰ ਇਹ ਭਰੋਸਾ ਦਿੰਦਾ ਹੈ ਕਿ ਜਦੋਂ ਹਾਲਾਤ ਠੀਕ ਨਾ ਹੋਣ ਤਾਂ ਤੁਸੀਂ ਭਾਰਤ ’ਤੇ ਦਾਅ ਖੇਡ ਸਕਦੇ ਹੋ।’ ਉਨ੍ਹਾਂ ਕਿਹਾ, ‘ਸਾਡਾ ਸੁਫ਼ਨਾ ਹੈ ਕਿ ਦੁਨੀਆ ਦੇ ਹਰ ਉਪਕਰਨ ’ਤੇ ਭਾਰਤ ’ਚ ਬਣੀ ਚਿੱਪ ਲੱਗੀ ਹੋਵੇ। ਅਸੀਂ ਭਾਰਤ ਨੂੰ ਸੈਮੀਕੰਡਕਟਰ ਖੇਤਰ ’ਚ ਮਹਾਸ਼ਕਤੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।

Leave a Reply

Your email address will not be published. Required fields are marked *