12 ਸਤੰਬਰ 2024 : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਜੰਮੂ ਕਸ਼ਮੀਰ ਦੇ ਲੋਕਾਂ ਲਈ ‘ਪੰਜ ਗਾਰੰਟੀਆਂ’ ਦਾ ਐਲਾਨ ਕੀਤਾ, ਜਿਨ੍ਹਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ ਦੇ ਸੱਤਾ ’ਚ ਆਉਣ ’ਤੇ ਮਹਿਲਾ ਉਦਮੀਆਂ ਲਈ ਪੰਜ ਲੱਖ ਰੁਪਏ ਦਾ ਵਿਆਜ਼ ਮੁਕਤ ਕਰਜ਼ਾ ਅਤੇ ਪ੍ਰਤੀ ਪਰਿਵਾਰ 25 ਲੱਖ ਰੁਪਏ ਦਾ ਸਿਹਤ ਬੀਮਾ ਸ਼ਾਮਲ ਹੈ।
ਦੱਖਣੀ ਕਸ਼ਮੀਰ ਦੇ ਅਨੰਤਨਾਗ ’ਚ ਗੱਠਜੋੜ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਦਿਆਂ ਖੜਗੇ ਨੇ ਇਹ ਵੀ ਕਿਹਾ ਕਿ ਕਾਂਗਰਸ-ਐੱਨਸੀ ਸਰਕਾਰ ਪਰਿਵਾਰ ਦੀ ਮਹਿਲਾ ਮੁਖੀ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਦੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਜਨਤਕ ਵੰਡ ਪ੍ਰਣਾਲੀ ਰਾਹੀਂ ਪ੍ਰਤੀ ਵਿਅਕਤੀ 11 ਕਿਲੋ ਅਨਾਜ ਦੇਣ ਦੀ ਸਹੂਲਤ ਬਹਾਲ ਕਰਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਪਰਵਾਸੀ ਕਸ਼ਮੀਰੀ ਪੰਡਿਤਾਂ ਦੇ ਮੁੜ ਵਸੇਬੇ ਸਬੰਧੀ ਕੀਤਾ ਵਾਅਦਾ ਵੀ ਪੂਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਜਪਾ ਤੇ ਉਨ੍ਹਾਂ ਲੋਕਾਂ ਨੂੰ ਹਰਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਚੋਣਾਂ ’ਚ ਹਿੱਸਾ ਲੈਣ ਲਈ ਜੇਲ੍ਹਾਂ ਤੋਂ ਰਿਹਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੀ ਪਛਾਣ ਬਚਾਉਣ ਲਈ ਉਨ੍ਹਾਂ ਵੱਲੋਂ ਗੱਠਜੋੜ ਕੀਤਾ ਗਿਆ ਹੈ। ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਜੰਮੂ ਦੇ ਡੋਡਾ ਜ਼ਿਲ੍ਹੇ ਦੇ ਭੱਦਰਵਾਹ ’ਚ ਚੋਣ ਰੈਲੀ ਦੌਰਾਨ ਕਿਹਾ ਕਿ ਅੱਜ-ਕੱਲ੍ਹ ਲੋਕਾਂ ਨੂੰ ਹਥਿਆਰ ਦਿੱਤੇ ਜਾ ਰਹੇ ਹਨ ਅਤੇ ਇਹ ਭਾਜਪਾ ਸਰਕਾਰ ਦੀ ਨਾਕਾਮੀ ਦਾ ਵੱਡਾ ਸਬੂਤ ਹੈ।