9 ਸਤੰਬਰ 2024 : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਵਾਸੀਆਂ ਨੂੰ ਭਾਰਤ ਆਉਣ ਅਤੇ ਦੇਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪੀਓਕੇ ਵਾਸੀਆਂ ਨੂੰ ਕਿਹਾ, ‘‘ਅਸੀਂ ਤੁਹਾਨੂੰ ਆਪਣਾ ਮੰਨਦੇ ਹਾਂ, ਜਦਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਮੰਨਦਾ ਹੈ।’’ ਸਿੰਘ ਇਥੇ ਭਾਜਪਾ ਉਮੀਦਵਾਰ ਰਾਕੇਸ਼ ਸਿੰਘ ਠਾਕੁਰ ਦੀ ਹਮਾਇਤ ਵਿਚ ਰਾਮਬਨ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਧਾਰਾ 370 ਦੀ ਬਹਾਲੀ ਦੇ ਚੋਣ ਵਾਅਦੇ ਨੂੰ ਲੈ ਕੇ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ’ਤੇ ਨਿਸ਼ਾਨਾ ਸੇਧਿਆ। ਸਿੰਘ ਨੇ ਕਿਹਾ ਕਿ ਜਦੋਂ ਤੱਕ ਭਾਜਪਾ ਹੈ, ਇਹ ਅਸੰਭਵ ਹੈ। ਕੇਂਦਰੀ ਮੰਤਰੀ ਨੇ ਅਗਸਤ 2019 ਵਿੱਚ ਧਾਰਾ 370 ਰੱਦ ਕਰਨ ਮਗਰੋਂ ਜੰਮੂ ਕਸ਼ਮੀਰ ਦੀ ਸੁਰੱਖਿਆ ਸਥਿਤੀ ਵਿੱਚ ਵਿਸ਼ਾਲ ਬਦਲਾਅ’ ਦਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨਾਂ ਕੋਲ ਹੁਣ ਪਿਸਤੌਲ ਦੀ ਥਾਂ ਲੈਪਟਾਪ ਅਤੇ ਕੰਪਿਊਟਰ ਹੈ। ਉਨ੍ਹਾਂ ਕਿਹਾ, ‘‘ਜੰਮੂ ਕਸ਼ਮੀਰ ਵਿੱਚ ਅਗਲੀ ਸਰਕਾਰ ਬਣਾਉਣ ਲਈ ਭਾਜਪਾ ਦੀ ਹਮਾਇਤ ਕੀਤੀ ਜਾਵੇ ਤਾਂ ਕਿ ਅਸੀਂ ਖੇਤਰ ਵਿੱਚ ਵੱਡੇ ਪੱਧਰ ’ਤੇ ਵਿਕਾਸ ਲਿਆ ਸਕੀਏ। ਇੰਨਾ ਵਿਕਾਸ ਹੋਵੇਗਾ ਕਿ ਪੀਓਕੇ ਦੇ ਲੋਕ ਦੇਖ ਕੇ ਕਹਿਣਗੇ ਕਿ ਅਸੀਂ ਪਾਕਿਸਤਾਨ ਵਿੱਚ ਨਹੀਂ ਰਹਿਣਾ ਹੈ, ਅਸੀਂ ਭਾਰਤ ਚਲੇ ਜਾਵਾਂਗੇ।’’ ਰਾਜਨਾਥ ਸਿੰਘ ਨੇ ਕਿਹਾ ਕਿ ਗੁਆਂਢੀ ਮੁਲਕ ਵਿੱਚ ਵਧੀਕ ਸੌਲੀਸਿਟਰ ਜਨਰਲ ਨੇ ਹਾਲ ਹੀ ਵਿੱਚ ਇੱਕ ਹਲਫ਼ਨਾਮਾ ਦਾਇਰ ਕਰਕੇ ਕਿਹਾ ਕਿ ਪੀਓਕੇ ਇੱਕ ਵਿਦੇਸ਼ੀ ਭੂਮੀ ਹੈ। ਉਨ੍ਹਾਂ ਕਿਹਾ, ‘‘ਮੈਂ ਪੀਓਕੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਮੰਨ ਰਿਹਾ ਹੈ ਪਰ ਭਾਰਤ ਦੇ ਲੋਕ ਤੁਹਾਨੂੰ ਅਜਿਹਾ ਨਹੀਂ ਮੰਨਦੇ ਹਨ। ਅਸੀਂ ਤੁਹਾਨੂੰ ਆਪਣਾ ਮੰਨਦੇ ਹਾਂ, ਇਸ ਲਈ ਆਓ ਤੇ ਸਾਡਾ ਹਿੱਸਾ ਬਣੋ।’’ ਰੱਖਿਆ ਮੰਤਰੀ ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਜੰਮੂ ਕਸ਼ਮੀਰ ਦਾ ਦੌਰਾ ਕਰ ਰਹੇ ਹਨ।

ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਉਮੀਦਵਾਰ ਮੁਹੰਮਦ ਸਲੀਮ ਭੱਟ ਦੇ ਸਮਰਥਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਅਤਿਵਾਦ ਬੰਦ ਕਰ ਦੇਵੇ ਤਾਂ ਭਾਰਤ ਉਸ ਨਾਲ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਅਤੇ ਖੇਤਰ ਵਿੱਚ ਖੁਸ਼ਹਾਲ ਬਣਾਉਣ ਲਈ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਜਪਾ ਸੱਤਾ ਵਿੱਚ ਹੈ, ਇਸ ਧਾਰਾ ਨੂੰ ਬਹਾਲ ਨਹੀਂ ਕੀਤਾ ਜਾਵੇਗਾ। ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪਾਕਿਸਤਾਨ ਨਾਲ ਗੱਲਬਾਤ ਦਾ ਸੱਦਾ ਦਿੱਤਾ ਹੈ। ਪਾਰਟੀਆਂ ਦਾ ਨਾਮ ਲਏ ਬਿਨਾਂ ਰਾਜਨਾਥ ਸਿੰਘ ਨੇ ਕਿਹਾ, ‘‘ਕੁੱਝ ਲੋਕ ਚਾਹੁੰਦੇ ਹਨ ਕਿ ਅਸੀਂ ਪਾਕਿਸਤਾਨ ਨਾਲ ਗੱਲਬਾਤ ਕਰੀਏ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ.. ਪਾਕਿਸਤਾਨ ਨੂੰ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਕਰਨਾ ਪਵੇਗਾ।’’ ਰੱਖਿਆ ਮੰਤਰੀ ਨੇ ਕਿਹਾ, ‘‘ਕੌਣ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨਾ ਨਹੀਂ ਚਾਹੇਗਾ? ਕਿਉਂਕਿ ਮੈਂ ਇਹ ਅਸਲੀਅਤ ਜਾਣਦਾ ਹਾਂ ਕਿ ਤੁਸੀਂ ਆਪਣੇ ਮਿੱਤਰ ਨੂੰ ਬਦਲ ਸਕਦੇ ਹੋ ਪਰ ਆਪਣੇ ਗੁਆਂਢੀ ਨੂੰ ਨਹੀਂ। ਅਸੀਂ ਪਾਕਿਸਤਾਨ ਨਾਲ ਬਿਹਤਰ ਸਬੰਧ ਚਾਹੁੰਦੇ ਹਾਂ ਪਰ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਅਤਿਵਾਦ ਨੂੰ ਰੋਕਣਾ ਹੋਵੇਗਾ।’’

Leave a Reply

Your email address will not be published. Required fields are marked *